ਨਵੀਂ ਦਿੱਲੀ, 9 ਸਤੰਬਰ 2026: ਦਿੱਲੀ ਦੇ ਸਤਿਆ ਨਿਕੇਤਨ ਇਲਾਕੇ ਵਿੱਚ ਪੰਜ ਮੰਜ਼ਿਲਾ ਪੀਜੀ ਇਮਾਰਤ ਡਿੱਗਣ ਦੇ ਮਾਮਲੇ ਵਿੱਚ ਪੁਲਿਸ ਜਾਂਚ ਦੌਰਾਨ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਹਾਦਸੇ ਵਾਲੇ ਦਿਨ ਇਮਾਰਤ ਦੇ ਗਰਾਊਂਡ ਫਲੋਰ ’ਤੇ ਦੁਕਾਨ ਬਣਾਉਣ ਲਈ ਇੱਕ ਮੁੱਖ ਦੀਵਾਰ ਹਟਾਈ ਗਈ ਸੀ। ਜਾਂਚ ਵਿੱਚ ਇਸ ਉਸਾਰੀ ਦੇ ਕੰਮ ਨੂੰ ਇਮਾਰਤ ਦੇ ਢਹਿਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਦਰਦਨਾਕ ਹਾਦਸੇ ਵਿੱਚ ਪੰਜ ਵਿਦਿਆਰਥੀਆਂ ਸਮੇਤ ਕੁੱਲ ਸੱਤ ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਪੰਜ ਹੋਰ ਜ਼ਖ਼ਮੀ ਹੋਏ ਸਨ।
ਬੇਸਮੈਂਟ ਵਿੱਚ ਭਰਿਆ ਗਿਆ ਸੀ ਤਿੰਨ ਟਰੱਕ ਮਲਬਾ
ਪੁਲਿਸ ਜਾਂਚ ਅਨੁਸਾਰ ਪਿਛਲੇ ਦਿਨਾਂ ਦੌਰਾਨ ਹੋਈ ਬਾਰਿਸ਼ ਕਾਰਨ ਇਮਾਰਤ ਦੇ ਬੇਸਮੈਂਟ ਵਿੱਚ ਪਾਣੀ ਇਕੱਠਾ ਹੋ ਗਿਆ ਸੀ। ਇਸ ਤੋਂ ਬਾਅਦ ਉੱਥੇ ਕਰੀਬ ਅੱਠ ਤੋਂ ਦਸ ਦਿਨਾਂ ਤੋਂ ਮੁਰੰਮਤ ਅਤੇ ਉਸਾਰੀ ਦਾ ਕੰਮ ਚੱਲ ਰਿਹਾ ਸੀ।
ਬੇਸਮੈਂਟ ਦੇ ਪੱਧਰ ਨੂੰ ਗਰਾਊਂਡ ਫਲੋਰ ਦੇ ਬਰਾਬਰ ਕਰਨ ਲਈ ਕਥਿਤ ਤੌਰ ’ਤੇ ਲਗਭਗ ਤਿੰਨ ਟਰੱਕ ਮਲਬਾ ਵੀ ਉੱਥੇ ਭਰਿਆ ਗਿਆ। ਇਸ ਦੇ ਨਾਲ ਹੀ ਗਰਾਊਂਡ ਫਲੋਰ ’ਤੇ ਦੁਕਾਨ ਬਣਾਉਣ ਲਈ ਮੁੱਖ ਦੀਵਾਰ ਹਟਾਏ ਜਾਣ ਦੀ ਗੱਲ ਜਾਂਚ ਵਿੱਚ ਸਾਹਮਣੇ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਕਾਰਨ ਇਮਾਰਤ ਦੀ ਭਾਰ ਸਹਿਣ ਦੀ ਸਮਰੱਥਾ ਪ੍ਰਭਾਵਿਤ ਹੋਈ ਅਤੇ ਆਖ਼ਰਕਾਰ ਇਮਾਰਤ ਢਹਿ ਗਈ।
ਲੇਬਰ ਠੇਕੇਦਾਰ ਕਾਸਗੰਜ ਤੋਂ ਗ੍ਰਿਫ਼ਤਾਰ
ਇਸ ਮਾਮਲੇ ਵਿੱਚ ਪੁਲਿਸ ਨੇ ਉਸਾਰੀ ਦਾ ਕੰਮ ਕਰਵਾਉਣ ਵਾਲੇ ਲੇਬਰ ਠੇਕੇਦਾਰ ਸਨੋਜ ਕੁਮਾਰ ਨੂੰ ਉੱਤਰ ਪ੍ਰਦੇਸ਼ ਦੇ ਕਾਸਗੰਜ ਤੋਂ ਗ੍ਰਿਫ਼ਤਾਰ ਕੀਤਾ ਹੈ।
ਰਿਪੋਰਟ ਮੁਤਾਬਕ ਠੇਕੇਦਾਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਮਕਾਨ ਮਾਲਕ ਹਰਿਰਾਮ ਗੁਪਤਾ ਦੇ ਪੁੱਤਰ ਮਹੇਸ਼ ਨੇ ਕੰਮ ਲਈ ਰੱਖਿਆ ਸੀ ਅਤੇ ਉਸ ਨੂੰ 2,800 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਭੁਗਤਾਨ ਕੀਤਾ ਜਾ ਰਿਹਾ ਸੀ।
‘Hostel Daze’ ਨਾਮ ਨਾਲ ਚੱਲ ਰਿਹਾ ਸੀ PG
ਪੁਲਿਸ ਜਾਂਚ ਵਿੱਚ ਇਮਾਰਤ ਨੂੰ ਲੀਜ਼ ’ਤੇ ਦੇਣ ਸਬੰਧੀ ਜਾਣਕਾਰੀ ਵੀ ਸਾਹਮਣੇ ਆਈ ਹੈ। ਰਿਪੋਰਟ ਅਨੁਸਾਰ ਇਮਾਰਤ ਦੀਆਂ ਚਾਰ ਮੰਜ਼ਿਲਾਂ ਸੁਧਾਂਸ਼ੂ ਲਵਨੀਸ਼ ਅਤੇ ਸ਼ੁਭਮ ਤਿਆਗੀ ਨੇ ਅਗਸਤ 2025 ਵਿੱਚ ਕਿਰਾਏ ’ਤੇ ਲਈਆਂ ਸਨ।
ਇਸ ਲਈ ਹਰ ਮਹੀਨੇ ਕਰੀਬ 1.05 ਲੱਖ ਰੁਪਏ ਕਿਰਾਇਆ ਤੈਅ ਕੀਤਾ ਗਿਆ ਸੀ ਅਤੇ ਇੱਥੇ ‘Hostel Daze’ ਨਾਮ ਹੇਠ ਪੀਜੀ ਚਲਾਇਆ ਜਾ ਰਿਹਾ ਸੀ। ਜਾਂਚ ਵਿੱਚ ਲੀਜ਼ ਸਮਝੌਤੇ ਦੀਆਂ ਕੁਝ ਸ਼ਰਤਾਂ ਵੀ ਪੁਲਿਸ ਦੀ ਜਾਂਚ ਦੇ ਘੇਰੇ ਵਿੱਚ ਆਈਆਂ ਹਨ।
ਹੁਣ ਤੱਕ ਪੰਜ ਗ੍ਰਿਫ਼ਤਾਰ
ਇਮਾਰਤ ਹਾਦਸੇ ਦੇ ਮਾਮਲੇ ਵਿੱਚ ਹੁਣ ਤੱਕ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਮਕਾਨ ਮਾਲਕ ਦਾ ਪੁੱਤਰ ਮਹੇਸ਼, ਲੇਬਰ ਠੇਕੇਦਾਰ ਸਨੋਜ ਕੁਮਾਰ ਅਤੇ ਪੀਜੀ ਸੰਚਾਲਕ ਸੁਧਾਂਸ਼ੂ ਵੀ ਸ਼ਾਮਲ ਹਨ।
ਇਮਾਰਤ ਦੇ 81 ਸਾਲਾ ਮਾਲਕ ਹਰਿਰਾਮ ਗੁਪਤਾ ਅਤੇ ਉਨ੍ਹਾਂ ਦੀ ਪਤਨੀ ਨੂੰ ਪਹਿਲਾਂ ਹੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਪੁਲਿਸ ਦੂਜੇ ਪੀਜੀ ਸੰਚਾਲਕ ਸ਼ੁਭਮ ਤਿਆਗੀ ਦੀ ਭਾਲ ਕਰ ਰਹੀ ਹੈ।
ਗੈਰ-ਕਾਨੂੰਨੀ ਉਸਾਰੀਆਂ ਖ਼ਿਲਾਫ਼ MCD ਦੀ ਕਾਰਵਾਈ
ਇਸ ਹਾਦਸੇ ਤੋਂ ਬਾਅਦ ਦਿੱਲੀ ਨਗਰ ਨਿਗਮ (MCD) ਨੇ ਵੀ ਗੈਰ-ਕਾਨੂੰਨੀ ਉਸਾਰੀਆਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ। ਉੱਧਰ ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਮਾਰਤ ਵਿੱਚ ਕੀਤੀਆਂ ਤਬਦੀਲੀਆਂ ਲਈ ਲੋੜੀਂਦੀਆਂ ਮਨਜ਼ੂਰੀਆਂ ਲਈਆਂ ਗਈਆਂ ਸਨ ਜਾਂ ਨਹੀਂ ਅਤੇ ਇਸ ਹਾਦਸੇ ਲਈ ਹੋਰ ਕੌਣ ਜ਼ਿੰਮੇਵਾਰ ਹੈ।
ਸਤਿਆ ਨਿਕੇਤਨ ਦੀ ਇਹ ਘਟਨਾ ਇੱਕ ਵਾਰ ਫਿਰ ਪੁਰਾਣੀਆਂ ਇਮਾਰਤਾਂ ਵਿੱਚ ਬਿਨਾਂ ਢੁੱਕਵੀਂ ਤਕਨੀਕੀ ਜਾਂਚ ਦੇ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਅਤੇ ਗੈਰ-ਕਾਨੂੰਨੀ ਉਸਾਰੀਆਂ ਨਾਲ ਜੁੜੇ ਖ਼ਤਰਿਆਂ ਨੂੰ ਚਰਚਾ ਵਿੱਚ ਲੈ ਆਈ ਹੈ।
Watch Punjab Live — ਪੰਜਾਬ, ਦੇਸ਼ ਅਤੇ ਦੁਨੀਆ ਦੀਆਂ ਅਹਿਮ ਤੇ ਤਾਜ਼ਾ ਖ਼ਬਰਾਂ ਲਈ ਸਾਡੇ ਨਾਲ ਜੁੜੇ ਰਹੋ।
